*DEPARTMENT OF SCHOOL EDUCATION PUNJAB*
February 13, 2025 at 02:39 AM
*ਲੁਧਿਆਣਾ ਸ਼ਹਿਰ ਵਿਚ ਹਰ ਰੋਜ਼ 6 ਲੱਖ ਲੀਟਰ ਦੁੱਧ ਨਕਲੀ ਵਿਕਦੈ!*
-'ਲੁਧਿਆਣਾ ਸ਼ਹਿਰ ਵਿਚ ਇਸ ਵੇਲੇ ਨਕਲੀ ਦੁੱਧ ਤਿਆਰ ਕਰਕੇ ਵੇਚਣ ਦਾ ਰੁਝਾਨ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਨਾਲ ਜਿਥੇ ਮਨੁੱਖੀ ਸਿਹਤ ਉਪਰ ਮਾੜਾ ਪ੍ਰਭਾਵ ਪੈਂਦਾ ਹੈ, ਉਥੇ ਹੀ ਪਸ਼ੂ ਪਾਲਕਾਂ ਦੀ ਆਰਥਿਕ ਸਥਿਤੀ ਨੂੰ ਇਸ ਨਾਲ ਭਾਰੀ ਸੱਟ ਵੱਜ ਰਹੀ ਹੈ।' ਇਸ ਗੱਲ ਦਾ ਖੁਲਾਸਾ ਕੁਲਦੀਪ ਸਿੰਘ ਲਾਹੌਰੀਆ ਪ੍ਰਧਾਨ ਹੈਬੋਵਾਲ ਡੇਅਰੀ ਐਸੋਸੀਏਸ਼ਨ ਨੇ ਕੀਤਾ । ਲਾਹੌਰੀਆ ਮੁਤਾਬਿਕ ਡੇਅਰੀ ਕੰਪਲੈਕਸ ਹੈਬੋਵਾਲ ਅਤੇ ਡੇਅਰੀ ਕੰਪਲੈਕਸ ਤਾਜਪੁਰ ਰੋਡ ਲੁਧਿਆਣਾ ਵਿਚ 483 ਪਸ਼ੂ ਡੇਅਰੀਆਂ ਵਿਚ ਲਗਭਗ 38000 ਤੋਂ ਲੈ ਕੇ 42000 ਦੁਧਾਰੂ ਪਸ਼ੂ ਹਨ, ਜਿਨ੍ਹਾਂ ਤੋਂ ਰੋਜ਼ਾਨਾ ਲਗਭਗ 4.50 ਲੱਖ ਲੀਟਰ ਦੁੱਧ ਮਿਲਦਾ ਹੈ, ਜਦਕਿ ਕਿ ਇਸ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਲਈ ਦੁੱਧ ਦੀ ਮੰਗ ਪੂਰੀ ਕਰਨ ਲਈ 4.50 ਲੱਖ ਲੀਟਰ ਦੁੱਧ ਵੇਰਕਾ ਅਤੇ ਅਮੁਲ ਤੋਂ ਆਉਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਰ ਲੁਧਿਆਣਾ ਸ਼ਹਿਰ ਵਿਚ ਰੋਜ਼ਾਨਾ 15 ਲੱਖ ਲੀਟਰ ਦੁੱਧ ਦੀ ਖਪਤ ਹੁੰਦੀ ਹੈ, ਜਿਸ ਵਿਚ 9 ਲੱਖ ਲੀਟਰ ਪਸ਼ੂ ਡੇਅਰੀਆਂ, ਵੇਰਕਾ ਮਿਲਕ ਪਲਾਂਟ ਲੁਧਿਆਣਾ ਅਤੇ ਅਮੁਲ ਮਿਲਕ ਪਲਾਂਟ ਤੋਂ ਪ੍ਰਾਪਤ ਹੁੰਦਾ ਹੈ, ਜਦ ਕਿ ਲਗਭਗ 6 ਲੱਖ ਲੀਟਰ ਦੁੱਧ ਰਸਾਇਣਕ ਤੱਤਾਂ ਨਾਲ ਤਿਆਰ ਕੀਤਾ ਹੋਇਆ, ਲੁਧਿਆਣਾ ਸ਼ਹਿਰ ਵਿਚ ਵਿਸ਼ੇਸ਼ ਕਰਕੇ ਗਰੀਬ ਬਸਤੀਆਂ ਵਿੱਚ ਵੇਚਿਆ ਜਾ ਰਿਹਾ ਹੈ। ਉਨ੍ਹਾਂ ਮੁਤਾਬਿਕ ਦੁਧਾਰੂ ਪਸ਼ੂਆਂ ਤੋਂ ਪ੍ਰਾਪਤ ਕੀਤਾ ਦੁੱਧ ਮਹਿੰਗਾ ਹੋਣ ਕਰਕੇ ਗਰੀਬ ਲੋਕ ਸਸਤਾ ਦੁੱਧ ਖ੍ਰੀਦ ਕੇ ਆਪਣਾ ਡੰਗ ਪੂਰਾ ਕਰ ਰਹੇ ਹਨ। ਨਕਲੀ ਦੁੱਧ 45 ਤੋਂ 50 ਰੁਪਏ ਦਾ ਇਕ ਲੀਟਰ ਵਿਕ ਰਿਹਾ ਹੈ, ਜਦ ਕਿ ਮੱਝਾਂ ਦੇ ਦੁੱਧ ਦਾ ਭਾਅ 70 ਤੋਂ 80 ਰੁਪਏ ਲੀਟਰ ਅਤੇ ਗਾਵਾਂ ਦੇ ਦੁੱਧ ਦਾ ਭਾਅ 50 ਤੋਂ 55 ਰੁਪਏ ਪ੍ਰਤੀ ਲੀਟਰ ਹੈ। ਇਸ ਵੇਲੇ ਬਜਾਰ ਵਿੱਚ ਇੱਕ ਪਾਸੇ 120 ਰੁਪਏ ਤੋਂ ਲੈ ਕੇ 180 ਰੁਪਏ ਤਕ ਇੱਕ ਕਿਲੋ ਪਨੀਰ ਮਿਲ ਰਿਹਾ ਹੈ ਜਦ ਕਿ ਦੂਜੇ ਪਾਸੇ ਮੱਝਾਂ-ਗਾਵਾਂ ਦੇ ਦੁੱਧ ਤੋਂ ਤਿਆਰ ਕੀਤਾ ਗਿਆ ਪਨੀਰ 400 ਰੁਪਏ ਪ੍ਰਤੀ ਕਿੱਲੋ ਮਿਲਦਾ ਹੈ। ਹੁਣ ਇਹ ਪ੍ਰਸ਼ਨ ਖੜ੍ਹਾ ਹੋ ਗਿਆ ਕਿ ਸਸਤੇ ਭਾਅ ਵਿਚ ਸ਼ਹਿਰ ਵਿਚ ਦੁੱਧ, ਪਨੀਰ ਅਤੇ ਖੋਆ ਕਿਥੋਂ ਆਉਂਦਾ ਹੈ? ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਵੀ ਨਕਲੀ ਦੁੱਧ ਅਤੇ ਦੁੱਧ ਤੋਂ ਤਿਆਰ ਹੋਰ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਲਾਗਲੇ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਵੀ ਨਕਲੀ ਦੁੱਧ, ਪਨੀਰ ਅਤੇ ਖੋਆ ਤਿਆਰ ਕਰਕੇ ਸ਼ਹਿਰ ਵਿਚ ਵੇਚ ਕੇ ਜਿਥੇ ਮੋਟੀ ਕਮਾਈ ਕੀਤੀ ਜਾ ਰਹੀ ਹੈ ਉਥੇ ਹੀ ਭੋਲੇ-ਭਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦਾ ਚਾਰਾ ਅਤੇ ਦਾਣਾ ਮਹਿੰਗਾ ਹੋਣ ਕਾਰਨ ਮੱਝਾਂ - ਗਾਵਾਂ ਦਾ ਦੁੱਧ ਮਹਿੰਗਾ ਹੈ, ਜਿਸ ਕਰਕੇ ਮੱਝਾਂ-ਗਾਵਾਂ ਦਾ ਦੁੱਧ ਘੱਟ ਭਾਅ 'ਤੇ ਵੇਚ ਕੇ ਪਸ਼ੂ ਪਾਲਕਾਂ ਨੂੰ ਘਾਟਾ ਪੈਂਦਾ ਹੈ। ਇਸ ਵੇਲੇ ਇੱਕ ਤਾਂ ਮੱਝਾਂ - ਗਾਵਾਂ ਬਹੁਤ ਮਹਿੰਗੀਆਂ ਹਨ, ਦੂਜਾ ਉਨ੍ਹਾਂ ਨੂੰ ਪਾਲਣ ਲਈ ਬਹੁਤ ਖਰਚ ਕਰਨਾ ਪੈਂਦਾ ਹੈ। ਇੱਕ ਸਧਾਰਨ ਮੱਝ ਦਾ ਮੁੱਲ ਡੇਢ ਲੱਖ ਰੁਪਏ ਤੋਂ ਲੈ ਕੇ 2 ਲੱਖ ਰੁਪਏ ਹੈ।
ਸ਼ਹਿਰ ਵਿਚ ਵਿਕ ਰਹੇ ਨਕਲੀ ਦੁੱਧ ਅਤੇ ਨਕਲੀ ਦੁੱਧ ਉਤਪਾਦਾਂ ਬਾਰੇ ਜਦੋਂ ਜਿਲ੍ਹਾ ਸਿਹਤ ਅਫਸਰ ਡਾ: ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ, ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਨਕਲੀ ਦੁੱਧ ਵੇਚਣ ਵਾਲਿਆਂ ਉਪਰ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਨਕਲੀ ਦੁੱਧ ਦਾ ਪਤਾ ਲਗਾਉਣ ਲਈ ਦੁੱਧ ਅਤੇ ਦੁੱਧ ਤੋਂ ਤਿਆਰ ਉਤਪਾਦਾਂ ਦੀ ਗੁਣਵੱਤਾ ਜਾਂਚਣ ਲਈ ਲਗਾਤਾਰ ਨਮੂਨੇ ਭਰ ਕੇ ਪ੍ਰਯੋਗਸ਼ਾਲਾ ਵਿਚ ਜਾਂਚ ਜਾ ਰਹੇ ਹਨ। ਡਾ: ਅਮਰਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਤੰਬਰ 2024 ਤੋਂ 20 ਜਨਵਰੀ 2025 ਤੱਕ ਪਨੀਰ ਦੇ ਲਗਭਗ 33 ਨਮੂਨੇ ਭਰੇ ਗਏ, ਜਿਨ੍ਹਾਂ ਵਿਚੋਂ 20 ਨਮੂਨੇ ਪਾਸ ਜਦਕਿ 13 ਨਮੂਨੇ ਫੇਲ੍ਹ ਹੋਏ ਹਨ। ਇਸੇ ਤਰ੍ਹਾਂ ਹੀ ਦੇਸੀ ਘਿਓ ਦੇ ਲਗਭਗ 20 ਨਮੂਨੇ ਭਰੇ ਗਏ ਜਿਨ੍ਹਾਂ ਵਿੱਚੋਂ 14 ਨਮੂਨੇ ਪਾਸ ਜਦਕਿ 6 ਨਮੂਨੇ ਫੇਲ੍ਹ, ਦੁੱਧ ਦੇ ਲਗਭਗ 10 ਨਮੂਨੇ ਭਰੇ ਗਏ, ਜਿਨ੍ਹਾ ਵਿਚੋਂ 8 ਨਮੂਨੇ ਫੇਲ੍ਹ ਜਦਕਿ ਸਿਰਫ 2 ਨਮੂਨੇ ਪਾਸ ਹੋਏ , ਖੋਏ ਦੇ 7 ਨਮੂਨੇ ਭਰੇ ਗਏ, ਜਿਨ੍ਹਾਂ ਵਿਚੋਂ 6 ਨਮੂਨੇ ਪਾਸ ਅਤੇ 1 ਨਮੂਨਾ ਫੇਲ੍ਹ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਜਿਹੜੇ ਪਦਾਰਥਾਂ ਦੇ ਨਮੂਨੇ ਫੇਲ੍ਹ ਪਾਏ ਗਏ, ਦੀ ਖ੍ਰੀਦੋ-ਫਰੋਖਤ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਐਕਟ ਅਧੀਨ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜਿਲ੍ਹਾ ਸਿਹਤ ਪ੍ਰਸ਼ਾਸਨ ਨੇ ਕਿਹਾ ਕਿ ਭਵਿੱਖ ਵਿੱਚ ਵੀ ਮਿਲਾਵਟੀ ਖਾਧ ਪਦਾਰਥਾਂ ਦੀ ਖ੍ਰੀਦੋ - ਫਰੋਖਤ ਕਰਨ ਵਾਲਿਆਂ ਵਿਰੁੱਧ ਅਚਨਚੇਤ ਨਿਰੀਖਣ ਦਾ ਸਿਲਸਿਲਾ ਜਾਰੀ ਰਹੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਕਲੀ ਦੁੱਧ ਤਿਆਰ ਕਰਨ ਵਾਲਿਆਂ ਵਿਰੁੱਧ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਸ ਗੋਰਖਧੰਦੇ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਇਸ ਧੰਦੇ ਨੂੰ ਨਾ ਰੋਕਿਆ ਗਿਆ ਤਾਂ ਕੱਲ੍ਹ ਨੂੰ ਇਹ ਦੁੱਧ ਸਾਡੀਆਂ ਰਸੋਈਆਂ ਤੱਕ ਆਣ ਅੱਪੜੇਗਾ! ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਨੂੰ ਸੂਚਨਾ ਦੇਣ ਜਿਥੇ ਸ਼ੱਕੀ ਸਸਤਾ ਦੁੱਧ ਅਤੇ ਦੁੱਧ ਉਤਪਾਦ ਵੇਚੇ ਜਾ ਰਹੇ ਹਨ, ਤਾਂ ਜੋ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ! ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ!
-ਸੁਖਦੇਵ ਸਲੇਮਪੁਰੀ
9780620233
👍
😢
😮
❤️
👎
😂
🙏
🫣
17