
Aha Zindgi❤️
February 14, 2025 at 02:54 PM
ਕੰਡਿਆਂ ਵੱਟੇ ਫੁੱਲਾਂ ਦਾ ਵਿਉਪਾਰ ਨਾ ਹੋਇਆ।
ਖਾ ਲਏ ਘਾਟੇ, ਪਰ ਮੂੰਹੋਂ ਇਨਕਾਰ ਨਾ ਹੋਇਆ।
ਮਿਹਨਤ ਹੋਵੇ ਪੱਲੇ, ਤਾਂ ਮੰਜ਼ਿਲ ਸਰ ਹੁੰਦੀ,
ਗੱਲੀਂ ਬਾਤੀ ਕਦੇ ਸਮੁੰਦਰ, ਪਾਰ ਨਾ ਹੋਇਆ।
ਤੀਰਾਂ ਵਾਂਗੂੰ ਬੇਸ਼ੱਕ ਸੀਨੇ, ਸੱਚ ਖੁਭੇ,
ਸਿਰ 'ਤੇ ਫਿਰ ਵੀ ਝੂਠ, ਕਦੇ ਅਸਵਾਰ ਨਾ ਹੋਇਆ।
ਪਾਵਣ ਵਾਲੇ ਪੱਥਰਾਂ ਚੋਂ, ਰੱਬ ਪਾ ਜਾਂਦੇ ਨੇ,
ਸਾਥੋਂ ਜਿੱਤ ਪਰ ਇਹ ਝੂਠਾ, ਸੰਸਾਰ ਨਾ ਹੋਇਆ।
ਥੋਹਰਾਂ ਵਾਂਗਰ ਉੱਗੇ ਵਿੱਚ, ਉਜਾੜਾਂ ਦੇ ਹਾਂ,
ਸਾਡੇ ਉਤੇ ਮੌਸਮ ਕਦੇ, ਬਹਾਰ ਨਾ ਹੋਇਆ।
ਵੇਚ ਜ਼ਮੀਰਾਂ, ਕਿੰਨਾ ਕੁਝ ਸੀ ਪਾ ਸਕਦਾ,
ਸ਼ੁਕਰ ਦਾਤਿਆ ਤੇਰਾ ਗੁਨਾਹਗਾਰ ਨਾ ਹੋਇਆ।
"ਧਾਮੀ" ਤੱਕੇ ਅੱਜ ਵੀ, ਤੇਰੀਆਂ ਰਾਹਾਂ ਨੂੰ,
ਪਰ ਤੈਥੋਂ ਕਿਉਂ ਮੇਰਾ, ਇੰਤਜਾਰ ਨਾ ਹੋਇਆ?
🖊️
ਸੁਖਵਿੰਦਰ ਸਿੰਘ ਧਾਮੀ
ਤਰਨ ਤਾਰਨ
❤️
👍
🙏
😮
16